Vaar Raag Asa Guru Nanak Dev Ji (ਆਸਾ ਦੀ ਵਾਰ) Part 2


15

ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥
ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥
ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥
ਤਾ ਦਰਗਹ ਪੈਧਾ ਜਾਇਸੀ ॥੧੫॥

(ਸਾਈ ਕਾਰ=ਉਹੀ ਕੰਮ ਜੋ ਉਸ ਨੂੰ ਭਾਉਂਦਾ ਹੈ, ਪਰਵਾਣੁ=
ਦਰਗਾਹ ਵਿਚ ਕਬੂਲ,ਸੁਰਖ਼ਰੂ, ਖਸਮੈ ਕਾ ਮਹਲੁ=ਖਸਮ ਦਾ ਘਰ,
ਮਨਹੁ ਚਿੰਦਿਆ=ਮਨ-ਭਾਉਂਦਾ, ਪੈਧਾ=ਸਿਰੋਪਾਉ ਲੈ ਕੇ,ਇੱਜ਼ਤ ਨਾਲ)

 

16

ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥
ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥
ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥
ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥
ਦਰਿ ਮੰਗਨਿ ਭਿਖ ਨ ਪਾਇਦਾ ॥੧੬॥

(ਚਿਤੈ ਅੰਦਰਿ=ਪ੍ਰਭੂ ਦੇ ਚਿੱਤ ਵਿਚ, ਸਭੁ ਕੋ=ਹਰੇਕ
ਜੀਵ, ਵੇਖਿ=ਵੇਖ ਕੇ,ਗਹੁ ਨਾਲ, ਚਲਾਇਦਾ=ਤੋਰਦਾ
ਹੈ, ਵਡਹੁ ਵਡਾ=ਵੱਡਿਆਂ ਤੋਂ ਵੱਡਾ, ਮੇਦਨੀ=ਸ੍ਰਿਸ਼ਟੀ,
ਧਰਤੀ, ਵਡ ਮੇਦਨੀ=ਵੱਡੀ ਹੈ ਸ੍ਰਿਸ਼ਟੀ ਉਸ ਦੀ, ਸਿਰੇ
ਸਿਰਿ=ਹਰੇਕ ਜੀਵ ਦੇ ਸਿਰ ਉੱਤੇ, ਉਪਠੀ=ਉਲਟੀ,
ਘਾਹੁ ਕਰਾਇਦਾ=ਕੱਖੋਂ ਹੌਲੇ ਕਰ ਦੇਂਦਾ ਹੈ, ਦਰਿ=
ਲੋਕਾਂ ਦੇ ਦਰ ਉੱਤੇ, ਮੰਗਨਿ=ਉਹ ਸੁਲਤਾਨ ਮੰਗਦੇ
ਹਨ, ਭਿਖ=ਭਿੱਖਿਆ,ਖ਼ੈਰ)

 

17

ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥
ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥
ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥
ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥
ਜਰੁ ਆਈ ਜੋਬਨਿ ਹਾਰਿਆ ॥੧੭॥

(ਤੁਰੇ=ਘੋੜੇ, ਪਲਾਣੇ=ਕਾਠੀਆਂ ਸਮੇਤ, ਵੇਗ=ਤ੍ਰਿਖੀ ਚਾਲ,
ਹਰ ਰੰਗੀ=ਹਰੇਕ ਰੰਗ ਦੇ, ਹਰਮ=ਮਹਲ, ਸਵਾਰਿਆ=
ਸਜਾਏ ਹੋਏ ਹੋਣ, ਮੰਡਪ=ਮਹਲ,ਸ਼ਾਮੀਆਨੇ, ਪਾਸਾਰਿਆ=
ਪਸਾਰੇ ਲਾ ਕੇ ਬੈਠੇ ਹੋਣ,ਸਜਾਵਟਾਂ ਸਜਾ ਕੇ ਬੈਠੇ ਹੋਣ,
ਚੀਜ=ਚੋਜ,ਕੌਤਕ, ਹਾਰਿਆ=ਹਾਰ ਜਾਂਦੇ ਹਨ, ਫੁਰਮਾਇਸਿ=
ਹੁਕਮ, ਜਰੁ=ਬੁਢੇਪਾ, ਜੋਬਨਿ ਹਾਰਿਆ=ਜੋਬਨ ਦੇ ਠੱਗੇ
ਹੋਇਆਂ ਨੂੰ)

 

18

ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥
ਸਹਿ ਮੇਲੇ ਤਾ ਨਦਰੀ ਆਈਆ ॥
ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥
ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥
ਸਹਿ ਤੁਠੈ ਨਉ ਨਿਧਿ ਪਾਈਆ ॥੧੮॥

(ਵਡਾ ਕਰਿ ਸਾਲਾਹੀਐ=ਗੁਣ ਗਾਵੀਏ ਤੇ ਆਖੀਏ ਕਿ
ਗੁਰੂ ਵੱਡਾ ਹੈ, ਜਿਸੁ ਵਿਚਿ=ਇਸ ਗੁਰੂ ਵਿਚ, ਵਡੀਆ
ਵਡਿਆਈਆ=ਬੜੇ ਉੱਚੇ ਗੁਣ, ਸਹਿ=ਪਤੀ ਪ੍ਰਭੂ ਨੇ,
ਨਦਰੀ ਆਇਆ=ਦਿੱਸਦੀਆਂ ਹਨ, ਮਸਤਕਿ=ਜੀਵ ਦੇ
ਮੱਥੇ ਉਤੇ, ਵਿਚਹੁ=ਜੀਵ ਦੇ ਮਨ ਵਿਚੋਂ, ਸਹਿ ਤੁਠੈ=ਜੇ
ਸ਼ਹੁ ਤ੍ਰੁੱਠ ਪਏ, ਨਉਨਿਧਿ=ਨੌ ਖ਼ਜ਼ਾਨੇ, ਸੰਸਾਰ ਦੇ ਸਾਰੇ
ਪਦਾਰਥ, ਪਾਈਆ=ਖ਼ਜ਼ਾਨੇ ਮਿਲ ਪੈਂਦੇ ਹਨ)

 

19

ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥
ਮੂਰਖੈ ਨਾਲਿ ਨ ਲੁਝੀਐ ॥੧੯॥

(ਆਖੈ ਆਪਣਾ=ਹਰੇਕ ਜੀਵ ਆਖਦਾ ਹੈ, ‘ਇਹ ਮੇਰੀ
ਆਪਣੀ ਚੀਜ਼ ਹੈ,’ ਜਿਸੁ ਨਾਹੀ=ਜਿਸ ਨੂੰ ਮਮਤਾ ਨਹੀਂ ਹੈ,
ਸੰਢੀਐ=ਭਰੀਦਾ ਹੈ, ਐਤੁ=ਇਸ, ਕਾਇਤੁ=ਕਿਉ, ਗਾਰਬਿ=
ਅਹੰਕਾਰ ਵਿਚ, ਹੰਢੀਐ=ਖਪੀਏ, ਲੁਝੀਐ=ਝਗੜੀਏ)

 

20

ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥
ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥

(ਕਰਣਾ=ਸਰੀਰ,ਸ੍ਰਿਸ਼ਟੀ, ਤੈ=ਤੂੰ, ਧਰਿ=ਧਰ ਕੇ,ਰੱਖ ਕੇ,
ਕਚੀ ਪਕੀ ਸਾਰੀਐ=ਕੱਚੀਆਂ ਪੱਕੀਆਂ ਨਰਦਾਂ ਨੂੰ, ਚੰਗੇ
ਮੰਦੇ ਜੀਵਾਂ ਨੂੰ, ਜਿਸ ਕੇ=ਜਿਸ ਪ੍ਰਭੂ ਦੇ)

 

21

ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹ੍ਹਾਲੀਐ ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥
ਕਿਛੁ ਲਾਹੇ ਉਪਰਿ ਘਾਲੀਐ ॥੨੧॥

(ਸਮ੍ਹਾਲੀਐ=ਸੰਭਾਲਣਾ ਚਾਹੀਦਾ ਹੈ,ਚੇਤੇ ਰੱਖਣਾ ਚਾਹੀਦਾ ਹੈ,
ਜਿਤੁ=ਜਿਸ ਨਾਲ, ਸਾ ਘਾਲ=ਉਹ ਮਿਹਨਤ, ਮੂਲਿ ਨ ਕੀਚਈ=
ਉੱਕਾ ਹੀ ਨਹੀਂ ਕਰਨਾ ਚਾਹੀਦਾ, ਨਿਹਾਲੀਐ=ਵੇਖਣਾ ਚਾਹੀਦਾ
ਹੈ, ਜਿਉ=ਜਿਸ ਤਰ੍ਹਾਂ, ਨ ਹਾਰੀਐ=ਨਾ ਟੁੱਟੇ, ਤੇਵੇਹਾ=ਉਹੋ
ਜਿਹਾ, ਪਾਸਾ ਢਾਲੀਐ=ਚਾਲ ਚੱਲਣੀ ਚਾਹੀਦੀ ਹੈ, ਘਾਲੀਐ=
ਘਾਲ ਘਾਲਣੀ ਚਾਹੀਦੀ ਹੈ)

 

22

ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥
ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥
ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥
ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥
ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥
ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥

(ਖਸਮੈ ਭਾਇ=ਖਸਮ ਦੀ ਮਰਜ਼ੀ ਅਨੁਸਾਰ, ਹੁਰਮਤਿ=
ਇੱਜ਼ਤ, ਅਗਲੀ=ਬਹੁਤੀ, ਵਜਹੁ=ਤਨਖ਼ਾਹ,ਰੋਜ਼ੀਨਾ,
ਗੈਰਤਿ=ਸ਼ਰਮਿੰਦਗੀ, ਅਗਲਾ=ਪਹਿਲਾ, ਮੁਹੇ ਮੁਹਿ=
ਸਦਾ ਆਪਣੇ ਮੂੰਹ ਉੱਤੇ, ਪਾਣਾ=ਜੁੱਤੀਆਂ)

 

23

ਨਾਨਕ ਅੰਤ ਨ ਜਾਪਨ੍ਹੀ ਹਰਿ ਤਾ ਕੇ ਪਾਰਾਵਾਰ ॥
ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥
ਇਕਨ੍ਹ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥

(ਹਰਿ ਤਾ ਕੇ=ਉਸ ਹਰੀ ਦੇ, ਸਾਖਤੀ=ਬਨਾਵਟ,ਪੈਦਾਇਸ਼,
ਇਕਿ=ਕਈ ਜੀਵ, ਤੁਰੀ=ਘੋੜਿਆਂ ਉੱਤੇ, ਬਿਸੀਆਰ=
ਬਹੁਤ ਸਾਰੇ, ਹਉ=ਮੈਂ, ਕੈ ਸਿਉ=ਕਿਸ ਦੇ ਅਗੇ, ਕਰਣਾ=
ਸ੍ਰਿਸ਼ਟੀ, ਜਿਨਿ=ਜਿਸ ਪ੍ਰਭੂ ਨੇ)

 

24

ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥
ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥
ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥
ਸੋ ਕਰੇ ਜਿ ਤਿਸੈ ਰਜਾਇ ॥੨੪॥੧॥

(ਵਡਿਆਈਆ=ਗੁਣ,ਸਿਫ਼ਤਾਂ, ਕਰੀਮੁ=ਕਰਮ ਕਰਨ
ਵਾਲਾ, ਸੰਬਾਹਿ=ਇਕੱਠਾ ਕਰ ਕੇ, ਦੇ ਸੰਬਾਹਿ=ਸੰਬਾਹਿ
ਦੇਂਦਾ ਹੈ,ਅਪੜਾਂਦਾ ਹੈ, ਤਿੰਨੈ=ਤਿਨ੍ਹ ਹੀ, ਉਸੇ ਨੇ ਆਪ
ਹੀ, ਏਕੀ ਬਾਹਰੀ=ਇਕ ਥਾਂ ਤੋਂ ਬਿਨਾ, ਜਾਇ=ਥਾਂ,
ਰਜਾਇ=ਮਰਜ਼ੀ)

(ਨੋਟ: ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਦੇ ਨਾਲ ਸਲੋਕ ਗੁਰੂ
ਅਰਜਨ ਦੇਵ ਜੀ ਨੇ ਲਗਾਏ ਹਨ । ਭਾਵੇਂ ਆਸਾ ਦੀ ਵਾਰ ਨਾਲ
ਸਲੋਕ ਗੁਰੂ ਨਾਨਕ ਦੇਵ ਜੀ ਦੇ ਹੀ ਹਨ ਪਰ ਉਨ੍ਹਾਂ ਦਾ ਉਚਾਰਨ
ਸਮਾਂ ਜਾਂ ਭਾਵ ਵਾਰ ਨਾਲ ਮੇਲਣਾ ਠੀਕ ਨਹੀਂ ਇਸ ਲਈ
ਅਸੀਂ ਇੱਥੇ ਵਾਰ ਵਿਚਲੀਆਂ ਪੌੜੀਆਂ ਹੀ ਦਿੱਤੀਆਂ ਹਨ ।)

 

Advertisements