Vaar Raag Asa Guruan Nak Dev Ji (ਆਸਾ ਦੀ ਵਾਰ) part 1

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਆਸਾ ਦੀ ਵਾਰ
ਟੁੰਡੇ ਅਸ ਰਾਜੈ ਕੀ ਧੁਨੀ ॥

1

ਆਪੀਨ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥
ਕਰਿ ਆਸਣੁ ਡਿਠੋ ਚਾਉ ॥੧॥

(ਆਪੀਨ੍ਹੈ=ਅਕਾਲ ਪੁਰਖ ਨੇ ਆਪ ਹੀ, ਨਾਉ=
ਨਾਮਣਾ,ਵਡਿਆਈ, ਦੁਯੀ=ਦੂਜੀ, ਸਾਜੀਐ=
ਬਣਾਈ ਹੈ, ਕਰਿ=ਕਰ ਕੇ,ਬਣਾ ਕੇ, ਚਾਉ=
ਤਮਾਸ਼ਾ, ਤੁਸਿ=ਪ੍ਰਸੰਨ ਹੋ ਕੇ, ਦੇਵਹਿ=ਤੂੰ ਦੇਂਦਾ
ਹੈਂ, ਪਸਾਉ=ਪ੍ਰਸਾਦ,ਕਿਰਪਾ, ਜਾਣੋਈ=
ਜਾਣੂ, ਸਭਸੈ=ਸਭਨਾਂ ਦਾ, ਲੈਸਹਿ=ਲੈ
ਲਵੇਂਗਾ, ਜਿੰਦੁ ਕਵਾਉ=ਜਿੰਦ ਅਤੇ ਜਿੰਦ
ਦਾ ਕਵਾਉ (ਲਿਬਾਸ, ਪੋਸ਼ਾਕ),ਸਰੀਰ)

 

2

ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥
ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹ੍ਹੈ ਦੋਜਕਿ ਚਾਲਿਆ ॥
ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥
ਲਿਖਿ ਨਾਵੈ ਧਰਮੁ ਬਹਾਲਿਆ ॥੨॥

(ਜੀਅ ਉਪਾਇ ਕੈ=ਜੀਵਾਂ ਨੂੰ ਪੈਦਾ ਕਰ ਕੇ,
ਧਰਮੁ=ਧਰਮ ਰਾਜ, ਲਿਖਿ ਨਾਵੈ=ਨਾਵਾਂ ਲਿਖਣ
ਲਈ,ਜੀਆਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ
ਲਈ, ਓਥੈ=ਉਸ ਧਰਮ-ਰਾਜ ਦੇ ਅੱਗੇ, ਨਿਬੜੈ=
ਨਿਬੜਦੀ ਹੈ, ਜਜਮਾਲਿਆ=ਜਜ਼ਾਮੀ ਜੀਵ,ਕੋਹੜੇ
ਜੀਵ, ਮੰਦ-ਕਰਮੀ ਜੀਵ, ਸਚੇ ਹੀ ਸਚਿ=ਨਿਰੋਲ
ਸੱਚ ਹੀ ਰਾਹੀਂ, ਥਾਉ ਨ ਪਾਇਨਿ=ਥਾਂ ਨਹੀਂ ਪਾਂਦੇ,
ਦੋਜਕਿ=ਦੋਜ਼ਕ ਵਿਚ, ਚਾਲਿਆ=ਧੱਕੇ ਜਾਂਦੇ ਹਨ,
ਜਿਣਿ=ਜਿੱਤ ਕੇ, ਸਿ=ਉਹ ਮਨੁੱਖ, ਠਗਣ ਵਾਲਿਆ=
ਠੱਗਣ ਵਾਲੇ ਮਨੁੱਖ)

 

3

ਆਪੀਨ੍ਹੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ ॥
ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ ॥
ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ ॥
ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ ॥
ਮਨਿ ਅੰਧੈ ਜਨਮੁ ਗਵਾਇਆ ॥੩॥

(ਭੋਗ=ਪਦਾਰਥਾਂ ਦੇ ਭੋਗ, ਭੋਗਿ ਕੈ=ਮਾਣ ਕੇ,
ਭਸਮੜਿ=ਭਸਮ ਦੀ ਮੜ੍ਹੀ,ਮਿੱਟੀ ਦੀ ਢੇਰੀ,
ਭਉਰੁ=ਆਤਮਾ, ਵਡਾ ਹੋਆ=ਮਰ ਗਿਆ,
ਦੁਨੀਦਾਰੁ=ਦੁਨੀਆਦਾਰ, ਘਤਿ=ਪਾ ਕੇ,
ਚਲਾਇਆ=ਅੱਗੇ ਲਾ ਲਿਆ, ਅਗੈ=
ਪਰਲੋਕ ਵਿਚ, ਕਰਣੀ=ਕਿਰਤ-ਕਮਾਈ,
ਕੀਰਤਿ=ਵਡਿਆਈ, ਵਾਚੀਐ=ਵਾਚੀ
ਜਾਂਦੀ ਹੈ,ਲੇਖੇ ਵਿਚ ਗਿਣੀ ਜਾਂਦੀ ਹੈ,
ਥਾਉ ਨ ਹੋਵੀ=ਢੋਈ ਨਹੀਂ ਮਿਲਦੀ,
ਪਉਦੀਈ=ਪੈਂਦਿਆਂ,ਜੁਤੀਆਂ ਪੈਂਦਿਆਂ,
ਹੁਣਿ=ਜਦੋਂ ਮਾਰ ਪੈਂਦੀ ਹੈ, ਕਿਆ
ਰੂਆਇਆ=ਕਿਹੜਾ ਰੋਣ,ਕਿਹੜਾ
ਤਰਲਾ, ਸੁਣੀਐ=ਸੁਣਿਆ ਜਾਂਦਾ ਹੈ,
ਗਵਾਇਆ=ਵਿਅਰਥ ਕਰ ਲਿਆ)

 

4

ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥
ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥
ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹੀ ਵਿਚਹੁ ਆਪੁ ਗਵਾਇਆ ॥
ਜਿਨਿ ਸਚੋ ਸਚੁ ਬੁਝਾਇਆ ॥੪॥

(ਨਦਰਿ=ਮਿਹਰ ਦੀ ਨਜ਼ਰ, ਭਰੰਮਿਆ=ਭਟਕ ਚੁਕਿਆ,
ਸਭਿ ਲੋਕ ਸਬਾਇਆ=ਹੇ ਸਾਰੇ ਲੋਕੋ, ਸਚੁ=ਸਦਾ ਕਾਇਮ
ਰਹਿਣ ਵਾਲਾ ਪ੍ਰਭੂ, ਜਿਨ੍ਹੀ=ਜਿਨ੍ਹਾਂ ਮਨੁੱਖਾਂ ਨੇ, ਆਪੁ=
ਆਪਣਾ ਆਪ,ਅਹੰਕਾਰ, ਸਚੋ ਸਚੁ=ਨਿਰੋਲ ਸੱਚ,
ਬੁਝਾਇਆ=ਸਮਝਾ ਦਿੱਤਾ, ਜਿਨਿ=ਜਿਸ ਗੁਰੂ ਨੇ)

 

5

ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥
ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥
ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥
ਕੋ ਰਹੈ ਨ ਭਰੀਐ ਪਾਈਐ ॥੫॥

(ਨਾਇ ਲਇਐ=ਜੇ ਤੇਰਾ ਨਾਮ ਸਿਮਰੀਏ, ਪਿੰਡੁ=
ਸਰੀਰ, ਤਿਸ ਦਾ=ਉਸ ਰੱਬ ਦਾ, ਖਾਜੇ=ਖ਼ੁਰਾਕ,
ਲੋੜਹਿ=ਤੂੰ ਲੋੜਦਾ ਹੈਂ, ਕਰਿ ਪੁੰਨਹੁ=ਭਲਿਆਈ
ਕਰ ਕੇ, ਜਰਵਾਣਾ=ਬਲਵਾਨ, ਜਰੁ=ਬੁਢੇਪਾ,
ਪਰਹਰੈ=ਛੱਡਣਾ ਚਾਹੁੰਦਾ ਹੈ, ਵੇਸ ਕਰੇਦੀ=ਵੇਸ
ਧਾਰ ਧਾਰ ਕੇ, ਆਈਐ=ਬੁਢੇਪਾ ਆ ਰਿਹਾ ਹੈ,
ਭਰੀਐ ਪਾਈਐ=ਜਦੋਂ ਪਾਈ ਭਰੀ ਜਾਂਦੀ ਹੈ,
ਜਦੋਂ ਸੁਆਸ ਪੂਰੇ ਹੋ ਜਾਂਦੇ ਹਨ)

 

6

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥
ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥
ਜਗਜੀਵਨੁ ਦਾਤਾ ਪਾਇਆ ॥੬॥

(ਕਿਨੈ=ਕਿਸੇ ਨੇ ਹੀ, ਪਾਇਓ=ਪਾਇਆ, ਰਖਿਓਨੁ=
ਉਸ ਨੇ ਰੱਖ ਦਿੱਤਾ ਹੈ, ਸਤਿਗੁਰ ਮਿਲਿਐ=ਜੇ ਇਹੋ
ਜਿਹਾ ਗੁਰੂ ਮਿਲ ਪਏ, ਜਿਨਿ=ਜਿਸ ਮਨੁੱਖ ਨੇ, ਜਗ
ਜੀਵਨੁ=ਜਗਤ ਦਾ ਜੀਵਨ)

 

7

ਸੇਵ ਕੀਤੀ ਸੰਤੋਖੀਈਂ ਜਿਨ੍ਹੀ ਸਚੋ ਸਚੁ ਧਿਆਇਆ ॥
ਓਨ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥
ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥
ਵਡਿਆਈ ਵਡਾ ਪਾਇਆ ॥੭॥

(ਸੰਤੋਖੀਈਂ=ਸੰਤੋਖੀ ਮਨੁੱਖਾਂ ਨੇ, ਸਚੋ ਸਚੁ=ਨਿਰੋਲ ਸੱਚਾ
ਰੱਬ, ਮੰਦੈ=ਮੰਦੇ ਥਾਂ ਤੇ, ਸੁਕ੍ਰਿਤੁ=ਭਲਾ ਕੰਮ, ਧਰਮੁ
ਕਮਾਇਆ=ਧਰਮ ਅਨੁਸਾਰ ਆਪਣਾ ਜੀਵਨ
ਬਣਾਇਆ ਹੈ, ਬਖਸੀਸੀ=ਬਖ਼ਸ਼ਸ਼ ਕਰਨ ਵਾਲਾ,
ਅਗਲਾ=ਵੱਡਾ,ਬਹੁਤ, ਦੇਵਹਿ=ਤੂੰ ਜੀਵਾਂ ਨੂੰ ਦਾਤਾਂ
ਦੇਂਦਾ ਹੈਂ, ਚੜਹਿ=ਤੂੰ ਚੜ੍ਹਦਾ ਹੈਂ,ਤੂੰ ਵਧਦਾ ਹੈਂ,
ਸਵਾਇਆ=ਬਹੁਤ, ਵਡਿਆਈ=ਵਡਿਆਈ ਕਰ ਕੇ)

 

8

ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹੀ ਸਚੁ ਕਮਾਇਆ ॥
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ ਕੈ ਹਿਰਦੈ ਸਚੁ ਵਸਾਇਆ ॥
ਮੂਰਖ ਸਚੁ ਨ ਜਾਣਨ੍ਹੀ ਮਨਮੁਖੀ ਜਨਮੁ ਗਵਾਇਆ ॥
ਵਿਚਿ ਦੁਨੀਆ ਕਾਹੇ ਆਇਆ ॥੮॥

(ਵਰਤਾਇਆ=ਵੰਡ ਦਿੱਤਾ, ਤੂੰ ਦੇਹਿ=ਤੂੰ ਦੇਂਦਾ ਹੈਂ,
ਤਾ=ਤਾਂ, ਤਿਨੀ=ਉਹਨਾਂ ਨੇ, ਸਚੁ ਕਮਾਇਆ=ਸੱਚ
ਨੂੰ ਕਮਾਇਆ ਹੈ, ਜਿਨ ਕੈ=ਜਿਨ੍ਹਾਂ ਮਨੁੱਖਾਂ ਦੇ,
ਵਸਾਇਆ=ਗੁਰੂ ਨੇ ਟਿਕਾਇ ਦਿੱਤਾ, ਕਾਹੇ
ਆਇਆ=ਕਿਉਂ ਆਏ)

 

9

ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍ਹੀ ਧਾਵਦੇ ॥
ਇਕਿ ਮੂਲੁ ਨ ਬੁਝਨ੍ਹਿ ਆਪਣਾ ਅਣਹੋਦਾ ਆਪੁ ਗਣਾਇਦੇ ॥
ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥
ਤਿਨ੍ਹ ਮੰਗਾ ਜਿ ਤੁਝੈ ਧਿਆਇਦੇ ॥੯॥

(ਕੀਰਤਿ=ਸੋਭਾ,ਵਡਿਆਈ, ਕਰਮਾ ਬਾਹਰੇ=ਭਾਗ ਹੀਣ,
ਢੋਅ=ਆਸਰਾ, ਧਾਵਦੇ=ਭਟਕਦੇ ਫਿਰਦੇ ਹਨ, ਇਕਿ=
ਕਈ ਜੀਵ, ਮੂਲੁ=ਮੁੱਢ,ਪ੍ਰਭੂ, ਅਣਹੋਦਾ=ਘਰ ਵਿਚ
ਪਦਾਰਥ ਤੋਂ ਬਿਨਾ ਹੀ, ਗਣਾਇਦੇ=ਵੱਡਾ ਜਤਲਾਂਦੇ
ਹਨ, ਹਉ=ਮੈਂ, ਢਾਢੀ=ਵਡਿਆਈ ਕਰਨ ਵਾਲਾ,ਵਾਰ
ਗਾਉਣ ਵਾਲਾ, ਭੱਟ, ਢਾਢੀ ਕਾ=ਮਾੜਾ ਜਿਹਾ ਢਾਢੀ,
ਹੋਰਿ=ਹੋਰ ਲੋਕ, ਉਤਮ ਜਾਤਿ=ਉੱਚੀ ਜ਼ਾਤ ਵਾਲੇ)

 

10

ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥
ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥
ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥
ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹ੍ਹਾ ਦੀ ਪਾਈਐ ॥
ਮਤਿ ਥੋੜੀ ਸੇਵ ਗਵਾਈਐ ॥੧੦॥

(ਮਹਿੰਡਾ=ਮੇਰਾ,ਮੇਰੇ ਵਾਸਤੇ, ਤਲੀ ਖਾਕੁ=ਪੈਰਾਂ
ਦੀਆਂ ਤਲੀਆਂ ਦੀ ਖਾਕ,ਚਰਨ-ਧੂੜ, ਤ=ਤਾਂ,
ਕੂੜਾ=ਕੂੜ ਵਿਚ ਫਸਾਣ ਵਾਲਾ, ਅਲਖੁ=ਅਦ੍ਰਿਸ਼ਟ,
ਤੇਵੇਹੋ=ਤਿਹੋ ਜਿਹਾ ਹੀ, ਜੇਵੇਹੀ=ਜਿਹੋ ਜਿਹੀ,
ਪੂਰਬਿ=ਪਹਿਲੇ ਤੋਂ,ਮੁੱਢ ਤੋਂ, ਲਿਖਿਆ=ਪਿਛਲੇ
ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੀ ਹੋਂਦ, ਮਤਿ
ਥੋੜੀ=ਆਪਣੀ ਮਤਿ ਥੋੜਿ ਹੋਵੇ)

 

11

ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥
ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥
ਸਹਜੇ ਹੀ ਸਚਿ ਸਮਾਇਆ ॥੧੧॥

(ਧੁਰਿ=ਧੁਰ ਤੋਂ, ਕਰਮੁ=ਬਖ਼ਸ਼ਸ਼, ਤੁਧੁ=ਤੂੰ, ਵੇਕੀ=ਕਈ
ਤਰ੍ਹਾਂ ਦਾ, ਇਕਨਾ ਨੋ=ਕਈ ਜੀਵਾਂ ਨੂੰ, ਇਕਿ=ਕਈ ਜੀਵ,
ਆਪਹੁ=ਆਪਣੇ ਆਪ ਤੋਂ, ਖੁਆਇਆ=ਖੁੰਝਾਏ ਹੋਏ ਹਨ,
ਜਿਥੈ=ਜਿਸ ਮਨੁੱਖ ਦੇ ਅੰਦਰ, ਆਪੁ=ਆਪਣਾ ਆਪਾ,
ਬੁਝਾਇਆ=ਸਮਝਾ ਦਿੱਤਾ ਹੈ, ਸਹਜੇ ਹੀ=ਸੁਤੇ ਹੀ,
ਸਮਾਇਆ=ਲੀਨ ਹੋ ਜਾਂਦਾ ਹੈ)

 

12

ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥
ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥
ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥
ਮੁਹਿ ਚਲੈ ਸੁ ਅਗੈ ਮਾਰੀਐ ॥੧੨॥

(ਪੜਿਆ=ਪੜ੍ਹਿਆ, ਗੁਨਹਗਾਰੁ=ਮੰਦੇ ਕੰਮ ਕਰਨ ਵਾਲਾ,
ਓਮੀ=ਨਿਰਾ ਸ਼ਬਦ ‘ਓਮ’ ਨੂੰ ਹੀ ਜਾਣਨ ਵਾਲਾ, ਅਨਪੜ੍ਹ
ਮਨੁੱਖ, ਸਾਧੁ=ਭਲਾ ਮਨੁੱਖ, ਨ ਮਾਰੀਐ=ਮਾਰ ਨਹੀਂ ਖਾਂਦਾ,
ਘਾਲਣਾ ਘਾਲੇ=ਕਮਾਈ ਕਰੇ, ਤੇਵੇਹੋ=ਤਿਹੋ ਜਿਹਾ ਹੀ,
ਪਚਾਰੀਐ=ਪਰਚਲਤ ਹੋ ਜਾਂਦਾ ਹੈ,ਮਸ਼ਹੂਰ ਹੋ ਜਾਂਦਾ ਹੈ,
ਕਲਾ=ਖੇਡ, ਜਿਤੁ=ਜਿਸ ਦੇ ਕਾਰਨ, ਵੀਚਾਰੀਐ=ਵਿਚਾਰੀ
ਜਾਂਦੀ ਹੈ, ਮੁਹਿ ਚਲੈ=ਜੋ ਮਨੁੱਖ ਮੂੰਹ-ਜ਼ੋਰ ਹੋਵੇ)

 

13

ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ਹ੍ਹੀ ਨੇਤ੍ਰੀ ਜਗਤੁ ਨਿਹਾਲਿਆ ॥
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥
ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥
ਕਰਿ ਕਿਰਪਾ ਪਾਰਿ ਉਤਾਰਿਆ ॥੧੩॥

(ਵਿਟਹੁ=ਤੋਂ, ਜਿਤ ਮਿਲਿਐ=ਜਿਸ ਗੁਰੂ ਨੂੰ ਮਿਲਣ ਕਰ ਕੇ,
ਜਿਨਿ=ਜਿਸ ਗੁਰੂ ਨੇ, ਜਗਤੁ ਨਿਹਾਲਿਆ=ਜਗਤ ਦੀ ਅਸਲੀਅਤ
ਨੂੰ ਵੇਖ ਲਿਆ ਹੈ, ਦੂਜੈ=ਦੂਜੇ ਵਿਚ, ਵਣਜਾਰਿਆ=ਵਣਜਾਰੇ)

 

14

ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥
ਕਰਿ ਅਉਗਣ ਪਛੋਤਾਵਣਾ ॥੧੪॥

(ਕਪੜੁ=ਜਿੰਦ ਦਾ ਕੱਪੜਾ,ਸਰੀਰ, ਰਾਹਿ ਭੀੜੈ=ਭੀੜੇ
ਰਸਤੇ ਵਿਚੋਂ ਦੀ, ਅਗੈ=ਮਰਨ ਤੋਂ ਪਿਛੋਂ, ਨੰਗਾ=ਪਾਜ
ਉਘੇੜ ਕੇ, ਚਾਲਿਆ=ਚਲਾਇਆ ਜਾਂਦਾ ਹੈ,ਧੱਕਿਆ
ਜਾਂਦਾ ਹੈ, ਤਾ=ਤਦੋਂ, ਖਰਾ=ਬਹੁਤ)
Vaar Raag Asa Guruan Nak Dev Ji (ਆਸਾ ਦੀ ਵਾਰ)
Vaar Raag Asa Guruan Nak Dev Ji (ਆਸਾ ਦੀ ਵਾਰ)

Advertisements